ਵਿਸਮਾਦ ਰੂਪ ਅਕਾਲ ਪੁਰਖ ਦੀ ਸਿਫਤਿ ਸਾਲਾਹ ਭੀ ਵਿਸਮਾਦ ਰੂਪ ਹੈ। ਨਾਮ, ਗੁਰਮਤਿ ਨਾਮ ਦੀ ਸਚੀ ਤੱਤ ਸਿਫਤਿ ਸਾਲਾਹ ਹੈ। ਨਾਮ ਰੂਪੀ ਸਿਫਤਿ ਸਾਲਾਹ, ਬਿਸਮਾਦ ਰੰਗਾਂ ਵਾਲੀ ਧੰਨਤਾ ਹੈ। ਵਿਸਮਾਦੀ ਅਕਾਲ ਪੁਰਖ (ਨਾਮੀ) ਵਾਹਿਗੁਰੂ ਦੀ ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ, ਕ੍ਰਿਸ਼ਮਨ ਸ਼ੁਕਰ-ਗੁਜ਼ਾਰੀ ਹੈ, ਜੋ ਨਾਮ-ਨਾਮੀ-ਅਭੇਦ ਵਿਸਮਾਦ ਰੰਗਾਂ ਵਿਚ ਹੀ ਗੁਰੂ ਗੁਣਤਾਸ ਵਲੋਂ ਉਚਾਰੀ, ਸੰਚਾਰੀ ਅਤੇ ਸੰਵਾਰੀ ਗਈ, ਜੋ ਇਸ ਦੀ ਸਿਫਤਿ ਸਾਲਾਹ ਰੂਪ ਧੰਨਤ ਦੇ ਉਚਾਰਨ, ਰਟਨਹਾਰੇ ਨੂੰ ਓੜਕ ਪਾਰਸ-ਰਸਾਇਣੀ ਕਲਾ ਵਰਤਾਇ ਕੇ ਵਿਸਮਾਦ ਰੰਗਾਂ ਵਿਚ ਲੀਨ ਕਰਾਉਣ ਨੂੰ ਸਮਰੱਥ ਹੈ। ਨਾਮ ਦੇ ਉਚਾਰਨਹਾਰ ਸੁਆਸ ਸੁਆਸ ਗੁਰਸ਼ਬਦ ਅਭਿਆਸ ਦੁਆਰਾ ਵਾਹੁ ਵਾਹੁ ਦੀ ਟੇਰ-ਰਟ ਲਗਾਇ ਕੇ ਵਾਸਤਵ ਵਿਚ ਅਕਾਲ ਪੁਰਖ ਦੀ ਖਿਨ ਖਿਨ ਸ਼ੁਕਰ-ਗੁਜ਼ਾਰੀ ਕਰਦਾ ਹੈ। ਇਹ ਸ਼ੁਕਰ-ਗੁਜ਼ਾਰੀ ਅਤੇ ਕ੍ਰਿਤੱਗਤਾ ਕਾਹਦੀ ਹੈ, ਜਿਸ ਕਰਕੇ ਕੇਵਲ ਪ੍ਰਸ਼ਾਦਾ ਛਕਣ ਸਮੇਂ ਜਾਂ ਬਿਸਤਰੇ ਤੇ ਲੇਟਣ ਸਮੇਂ ਜਾਂ ਸੋਹਣੇ ਬਸਤਰ ਮਿਲਣ ਸਮੇਂ, ਰਿਹਾਇਸ਼ੀ ਸੁੰਦਰ ਮੰਦਰ ਤੱਕਣ ਸਮੇਂ ਇਹਨਾਂ ਵਸਤੂਆਂ ਦੇ ਭੋਗਣਹਾਰੇ ਦੇ ਮਨ ਵਿਚ ਇਸ ਤਰ੍ਹਾਂ ਦਾ ਕੇਵਲ ਛਿਨ-ਭੰਗਾਰੀ ਖਿਆਲ ਹੀ ਖਿਆਲ ਆਵੇ ਕਿ ਹੇ ਦਾਤਾ ਵਾਹਿਗੁਰੂ, ਤੂੰ ਧੰਨ ਹੈਂ ? ਇਸ ਤਰ੍ਹਾਂ ਦਾ ਖਿਆਲ ਮਾਤਰ ਆਉਣ ਨੂੰ ਕਈ ਫਿਲਾਸਫਰ ਐਨ ਗੁਰਮਤਿ ਨਾਮ ਸਿਮਰਨ ਸਮਝਦੇ ਹਨ। ਪਰੰਤੂ ਗੁਰਮਤਿ ਨਾਮ ਦਾ ਅਭਿਆਸ ਤੇ ਜਾਪ ਤਾਪ ਉਹਨਾਂ ਦੇ ਨਿਕਟ ਐਵੇਂ ਹੀ ਹੈ। ਉਹਨਾਂ ਦੇ ਖਿਆਲ ਵਿਚ 'ਨਾਮ ਕਿਸੇ ਇਕ ਨਾਮ ਦੀ ਮਕੈਨੀਕਲ ਰੈਪੀਟੀਸ਼ਨ ਹੀ ਹੈ।' ਗੁਰਮਤਿ ਨਾਮ ਦੀ ਸਿਫਤਿ ਸਾਲਾਹ ਰੂਪੀ ਸ਼ੁਕਰਾਨਾ, ਕੇਵਲ ਮਹਿਦੂਦ ਅਪ-ਸੁਆਰਥੀ ਖਿਆਲਾਂ ਵਾਲਾ ਛਿਨ ਭੰਗਾਰੀ ਮਨੋਰਥ-ਪੂਰਤੀ ਤੋਂ ਉਪਜਿਆ ਫਸਾਨਾ ਹੀ ਨਹੀਂ, ਬਲਕਿ "ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ" ਦੀ ਅਵਸਥਾ ਵਾਲਾ ਵਿਸ਼ਾਲ ਆਤਮ-ਤਰੰਗੀ ਤਰਾਨਾ ਹੈ, ਯਥਾ ਗੁਰਵਾਕ:-
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸੰਬਾਹਿ ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ (੧੬)
(ਗੂਜਰੀ ਕੀ ਵਾਰ, ਸਲੋਕ ਮ:੩, ਪੰਨਾ ੫੧੪-੧੫)
"ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ" ਵਾਲੀ ਪੰਗਤੀ ਸਾਫ ਇਕੋ ਗੁਰਮਤਿ ਨਾਮ ਦਾ ਅਰਾਧਣਾ ਸਹੀ ਕਰਦੀ ਹੈ ਅਤੇ ਸਹੀ ਅਰਥ ਰਖਦੀ ਹੈ। 'ਕਿਸੇ ਇਕ ਨਾਮ' ਦੀ ਜਪਣ ਦੀ ਖੁਲ੍ਹ ਦਾ ਵਿਧਾਨ ਗੁਰਮਤਿ ਅੰਦਰ ਉਕਾ ਹੀ ਨਹੀਂ। ਇਹ ਇਹਨਾਂ ਤੋਂ ਅਗਲੇਰੇ ਸਲੋਕ ਦੀਆਂ ਤੁਕਾਂ ਦਸਦੀਆਂ ਹਨ ਕਿ ਗੁਰਮਤਿ ਨਾਮ ਕੇਵਲ ਖਾਸ ਖਾਸ ਸਮਿਆਂ ਤੇ ਉਪੰਨੇ ਖਿਆਲਾਂ ਦੀਆਂ ਸ਼ੁਕਰ-ਗੁਜ਼ਾਰੀਆਂ ਦੇ ਛਿਨ ਭੰਗਾਰੀ ਅਨੁਮਾਨ ਹੀ ਨਹੀਂ, ਸਗੋਂ ਸਦੀਵੀ ਸਾਸ ਗਰਾਸੀ ਜਾਪ ਅਭਿਆਸ ਦਾ ਤਤ ਗਿਆਨ ਹੈ। ਯਥਾ ਗੁਰਵਾਕ :-
ਵਾਹੁ ਵਾਹੁ ਗੁਰਮੁਖਿ ਸਦਾ ਕਰਹਿ ਮਨਮੁਖਿ ਮਰਹਿ ਬਿਖੁ ਖਾਇ ॥
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥
ਗਰਮੁਖਿ ਅੰਮ੍ਰਿਤ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥੨॥
(ਗੂਜਰੀ ਕੀ ਵਾਰ, ਮ:੩, ਪੰਨਾ ੫੧੫)
ਇਹ ਗੁਰਵਾਕ ਗੁਰਮਤਿ ਨਾਮ ਦੁਆਰੇ ਕੇਵਲ ਅਲਪੀ ਕਲਪੀ ਸ਼ੁਕਰਾਨਾ ਹੀ ਨਹੀਂ ਦ੍ਰਿੜਾਉਂਦੇ, ਸਗੋਂ ਸਦੀਵ-ਕਾਲੀ ਛਿਨ ਛਿਨ ਸੁਆਸ-ਸਮਾਲੀ ਅੰਮ੍ਰਿਤ-ਤ੍ਰਿਪਤਾਨਾ ਭੀ ਬੁਝਾਉਂਦੇ ਹਨ, ਅਰਥਾਤ ਨਾਮ ਅਭਿਆਸ ਕੇਵਲ ਸਰੀਰਕ ਲੋੜਾਂ ਦੀ ਪੂਰਤੀ ਦੇ ਸ਼ੁਕਰਾਨੇ ਵਜੋਂ ਹੀ ਨਹੀਂ ਕੀਤਾ ਜਾਂਦਾ ਹੈ। ਗੁਰਮੁਖਾਂ ਦਾ ਛਿਨ ਛਿਨ ਨਾਮ ਜਪਣਾ ਸੁਆਸ ਸੁਆਸ ਅੰਮ੍ਰਿਤ ਗਟਾਕਾਂ ਦਾ ਭੁੰਚਣਾ ਹੈ। ਮਨਮੁਖ ਲੋਕ ਆਪਣੀ ਮਨੋਰਥ-ਪੂਰਤੀ ਹਿਤ ਕੁਝ ਮਿੰਟਾਂ ਸਕਿੰਟਾਂ ਲਈ ਹੀ ਨਾਮ ਜਪਦੇ ਹਨ, ਫੇਰ ਸੁੰਨੇ ਦੇ ਸੁੰਨੇ, ਨਾਮੋਂ ਸਖਣੇ ਹੋ ਕੇ ਆਪਣੇ ਖਿਆਲਾਂ ਦੁਆਰਾ, ਸੰਸਾਰਕ ਚਿਤਵਣੀਆਂ ਦੁਆਰਾ, ਵਿਵਹਾਰਕ ਖਬਤ ਖਚਤਾਨੀਆਂ ਦੁਆਰਾ ਬਿਖ ਹੀ ਵਿਹਾਜਦੇ ਰਹਿੰਦੇ ਹਨ। ਗੁਰਮੁਖ ਸਚਿਆਰ ਸਿਖ ਵਾਹੁ ਵਾਹੁ ਰੂਪੀ ਸਿਫਤਿ ਸਾਲਾਹ ਦੀ ਲਿਵਤਾਰ ਜੋੜ ਕੇ ਦਮ-ਬਦਮ ਅੰਮ੍ਰਿਤ ਛਾਦੇ ਹੀ ਭੁੰਚਦੇ ਹਨ। ਤਾਂ ਤੇ ਨਾਮ ਜਪਣਾ ਕੇਵਲ ਖਿਆਲੀ ਸ਼ੁਕਰ-ਗੁਜ਼ਾਰੀ ਮਾਤਰ ਹੀ ਨਹੀਂ, ਨਾਮ ਜਪਣ ਦਾ ਅਰਥ ਨਿਰੀ ਫਸਲ-ਬਟੋਰੀ ਸ਼ੁਕਰ-ਗੁਜ਼ਾਰੀ ਕਰਨ ਦੇ ਹੀ ਨਹੀਂ, ਸਗੋਂ ਸੁਆਸ ਸੁਆਸ ਅੰਮ੍ਰਿਤ ਪੀਣ ਦੇ ਅਤੇ ਛਿਨ ਛਿਨ ਆਤਮ-ਜੀਵਣ ਜੀਣ ਦੇ ਹਨ। ਉਹਨਾਂ ਲੋਕਾਂ ਦੀ ਕੈਸੀ ਗਲਤ ਖਿਆਲੀ ਹੈ ਜੋ ਨਾਮ ਜਪਣ ਨੂੰ ਕੇਵਲ ਮਕੈਨੀਕਲ ਰੈਪੀਟੀਸ਼ਨ ਹੀ ਦੱਸਦੇ ਹਨ।
ਦੇਖੋ ਅਗਲੇਰੇ ਗੁਰਵਾਕ, ਜੋ ਦੱਸਦੇ ਹਨ ਕਿ ਨਾਮ ਬਰਕਤ ਨਾਲ ਕੀ ਕੀ ਗੁੰਝਲਾਂ ਖੁਲ੍ਹਦੀਆਂ ਹਨ :-
ਮਨ ਮੇਰੇ ਨਾਮਿ ਰਹਉ ਲਿਵ ਲਾਈ ॥
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੇ ਸ਼ਬਦਿ ਹਰਿ ਧਿਆਈ ॥੧॥ਰਹਾਉ॥ (੪॥੭)
(ਮਲਾਰ ਮ:੩, ਪੰਨਾ ੧੨੬੦)
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥…੪॥
(ਕਾਨੜਾ ਅਸਟ: ਮ:੪, ਪੰਨਾ ੧੩੦੮)
ਇਹ ਨਾਮ ਦੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ, ਬਾਰ ਬਾਰ ਨਾਮ ਜਪਣ) ਦਾ ਸੁਆਦ ਹੈ, ਪਰ ਗੁਰਵਾਕਾਂ ਸੱਟ ਕਉਣ ਸਹੇ, ਤੇ ਕਉਣ ਗੁਰਵਾਕਾਂ ਦੀ ਸਚਾਈ ਨੂੰ ਪਰਖੇ ਤੋਲੇ। ਨਾਮ ਕਮਾਈ ਤੋਂ ਅਣਜਾਣ ਲੋਕਾਂ ਦੀ ਇਹ ਹਾਲਤ ਹੈ :-
"ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥"
ਗੁਰਸ਼ਬਦ (ਨਾਮ) ਦੀ ਕਮਾਈ ਬਿਨਾਂ ਪਏ ਭੁਲੇ ਭਟਕਾ ਖਾਂਦੇ ਹਨ- ਭਰਮ ਭਰਮ ਕੇ ਰਾਧਾ ਸੁਆਮੀਆਂ ਤੇ ਹੋਰ ਐਸੇ ਨਵੇਂ ਗੁਰਮਤਿ ਤੋਂ ਉਲਟ-ਪੰਥੀਆਂ ਦੇ ਦਰਾਂ ਉਤੇ ਰੁਲਦੇ ਫਿਰਦੇ ਹਨ ਤੇ ਉਨ੍ਹਾਂ ਤੋਂ ਅਨਹਦ ਸ਼ਬਦ ਦੀਆਂ ਪ੍ਰਾਪਤੀਆਂ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਅਨਹਦ ਧੁਨੀਆਂ ਵਾਲੇ ਬਾਜੇ ਤਾਂ ਗੁਰਮਤਿ ਨਾਮ ਦੀ ਕਮਾਈ ਕੀਤਿਆਂ ਹੀ ਬਜਦੇ ਹਨ।
ਖਿਨ ਖਿਨ ਨਾਮ ਦੀ ਸਿਫਤ ਸਾਲਾਹ, ਅਰਥਾਤ ਨਾਮ ਦਾ ਜਪਣਾ, ਅਕਾਲ ਪੁਰਖ ਵਾਹਿਗੁਰੂ ਦੀ ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ ਤੇ ਖਿਨ ਖਿਨ ਹਾਜ਼ਰਾ ਹਜ਼ੂਰੀ ਹੈ। ਨਾਮ ਦੇ ਬਾਰ ਬਾਰ ਜਪਣ, ਮਕੈਨੀਕਲ ਰੈਪੀਟੀਸ਼ਨ ਦੁਆਰਾ ਹੀ ਰਟਨ ਕਰਦਿਆਂ ਨਾਮ ਦੀ ਪਾਰਸ-ਰਸਾਇਣੀ-ਰਗੜ ਦੁਆਰਾ ਚੁੰਬਕ ਪ੍ਰਕਾਸ਼ ਪਰਜੁਅਲਤ ਹੁੰਦਾ ਹੈ। ਪ੍ਰੇਮ, ਸ਼ਰਧਾ-ਭਾਵਨੀ ਨਾਲ ਇਸ ਤਰ੍ਹਾਂ ਰਟਨ ਰੈਪੀਟੀਸ਼ਨ ਕਰਕੇ ਦੇਖਣ, ਫੇਰ ਪਤਾ ਲਗਸੀ ਕਿ ਏਸ ਨਿਰੀ ਮਕੈਨੀਕਲ ਰੈਪੀਟੀਸ਼ਨ ਦੀ ਕੀ ਕਰਾਮਾਤ ਹੈ। ਪਹਿਲਾਂ ਸਤਿਗੁਰੂ ਦੇ ਏਸ ਨਾਮ ਉਤੇ ਗੁਰਸਿਖਾਂ, ਸ਼ਰਧਾਲੂਆਂ ਵਾਲੀ ਸ਼ਰਧਾ ਲਿਆਉਂਣ ਦੀ ਲੋੜ ਹੈ, ਫੇਰ ਨਾਮ ਦੇ ਪਾਤਰ ਬਣਨ ਤੇ ਨਾਮ ਨੂੰ ਪ੍ਰਾਪਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਰੂਪ ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕਣ ਦੀ ਲੋੜ ਹੈ। ਇਸ ਤਰ੍ਹਾਂ ਖਾਲਸਾ ਸਜ ਕੇ, ਨਾਮ ਪ੍ਰਾਪਤ ਕਰ ਕੇ ਨਾਮ ਜਪਣ ਦੀ ਅਤੁਟ ਕਮਾਈ ਕਰਨ। ਇਸ ਤਰ੍ਹਾਂ ਮਕੈਨੀਕਲ ਰੈਪੀਟੀਸ਼ਨ ਦੀ ਕਮਾਈ ਦਾ ਫੇਰ ਸਿੱਟਾ ਦੇਖਣ ਕਿ ਕੀ ਰੰਗ ਖਿੜਦੇ ਹਨ ! ਐਵੇਂ ਗੱਲਾਂ ਨਾਮ ਗਿਆਨ ਘੋਟਿਆਂ ਕੀ ਬਣਦਾ ਹੈ? ਗੁਰੂ ਸਾਹਿਬ ਫੁਰਮਾਉਂਦੇ ਹਨ :-
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਾਲਾਹੀਐ ਦੂਜਾ ਅਵਰੁ ਨ ਕੋਇ ॥੧॥ਰਹਾਉ॥
(ਸਿਰੀ ਰਾਗੁ ਮ:੩, ਪੰਨਾ ੩੮)
ਸ਼ੁਕਰ-ਗੁਜ਼ਾਰੀ ਕਰਨੀ ਕਿਹੜੀ ਸੁਖਾਲੀ ਹੈ। ਇਹ ਸ਼ੁਕਰ-ਗੁਜ਼ਾਰੀ (ਤੱਤ ਸ਼ੁਕਰ-ਗੁਜ਼ਾਰੀ) ਗੁਰੂ ਦੁਆਰਿਓਂ, ਗੁਰਮਤਿ ਦੁਆਰਾ ਹੀ ਸਿਖਾਈ ਸਿਖਲਾਈ ਜਾਂਦੀ ਹੈ। ਉਪਰਲੇ ਗੁਰਵਾਕ ਅੰਦਰ 'ਗੁਰਮਤੀ ਨਾਮੁ ਸਾਲਾਹੀਐ' ਦੀ ਫੋਰਸ (ਜ਼ੋਰ-ਸ਼ਕਤੀ) ਨੂੰ ਦੇਖੋ। ਫੇਰ ਅਗਲੀ ਪੰਗਤੀ ਦੱਸਦੀ ਹੈ ਕਿ ਗੁਰਮਤਿ ਨਾਮ ਦਾ ਜਪਣਾ ਸਾਲਾਹੁਣਾ ਹੀ ਫਲਦਾਇਕ ਹੈ, ਇਹ ਨਹੀਂ ਕਿ ਸਤਿਨਾਮ ਗੁਰਮੰਤਰ ਤੋਂ ਵੱਖਰਾ ਕੋਈ ਨਾਮ ਹੀ ਸਾਲਾਹਿਆ ਜਾਵੇ। ਬਸ 'ਦੂਜਾ ਅਵਰੁ ਨ ਕੋਇ।' ਅਰਥਾਤ ਗੁਰਮਤਿ ਨਾਮ ਤੋਂ ਵੱਖਰਾ ਦੂਸਰਾ ਹੋਰ ਕੋਈ ਨਾਮ ਨਹੀਂ। ਕੇਵਲ, ਏਸ ਗੁਰਮਤਿ ਨਾਮ ਦੀ ਸਿਫਤ ਸਲਾਹ ਦੀ ਅਤੁਟ ਕਮਾਈ ਤੇ ਅਨਿੰਨ ਸ਼ਰਧਾ ਭਾਵਨੀ ਦੁਆਰਾ ਹੀ ਨਾਮ ਦੇ ਰੰਗਾਂ ਵਿਚ ਰਤੇ ਜਾ ਸਕੀਦਾ ਹੈ। ਤੇ ਨਾਮ ਦੀ ਰਗੜ ਦੁਆਰਾ ਹੀ ਪਰਜੁਅਲਤ ਹੋਏ ਆਤਮ-ਪ੍ਰਕਾਸ਼ ਦੁਆਰਾ ਹੀ ਸਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ, 'ਮਨ ਮੇਰੇ ਨਾਮਿ ਰਤੇ ਸੁਖੁ ਹੋਇ ।'
ਉਸ ਬੇਅੰਤ ਪ੍ਰਭੂ ਨੂੰ ਪੂਰੇ ਸ਼ਬਦ ਦੁਆਰਾ ਹੀ ਸਲਾਹਿਆ ਜਾ ਸਕਦਾ ਹੈ। ਯਥਾ ਗੁਰਵਾਕ :-
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
(ਸਿਰੀ ਰਾਗੁ ਮ:੩, ਪੰਨਾ ੬੮)
ਇਹ ਪੂਰਾ ਸ਼ਬਦ ਪੂਰੇ ਸਤਿਗੁਰੂ ਦਾ ਦਸਿਆ ਦ੍ਰਿੜਾਇਆ ਹੋਇਆ ਕੇਵਲ ਗੁਰਮਤਿ ਨਾਮ, ਗੁਰਮੰਤਰ ਹੀ ਹੈ, ਜਿਹਾ ਕਿ ਭਾਈ ਗੁਰਦਾਸ ਜੀ ਨੇ ਸਪੱਸ਼ਟ ਕਰਕੇ ਪ੍ਰਗਟ ਕੀਤਾ ਹੈ :-
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ ॥
ਭਵਜਲ ਵਿਚੋਂ ਕਢ ਕੇ ਮੁਕਤਿ ਪਦਾਰਥ ਮਾਹਿ ਸਮਾਇਆ ॥
(ਵਾਰ ੧, ਪਉੜੀ ੧)
ਭਾਈ ਗੁਰਦਾਸ ਜੀ ਸਾਫ ਦੱਸਦੇ ਹਨ ਕਿ ਨਾਮ ਦਾ ਦਾਤਾ ਸਤਿਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਬਾਕੀ ਗੁਰੂ ਸਰੂਪ ਗੁਰੂ ਸਾਹਿਬਾਨ ਨੂੰ ਨਮਸਕਾਰ ਹੈ, ਜਿਸ ਨੇ ਸਤਿਨਾਮ ਦਾ ਮੰਤਰ ਸੁਣਾ ਕੇ ਭੈ-ਸਾਗਰ ਵਿਚੋਂ ਕਢ ਕੇ ਮੁਕਤਿ ਕਰ ਦਿੱਤਾ। ਉਹ ਸਤਿਨਾਮ ਮੰਤਰ ਕਿਹੜਾ ਹੈ, ਏਸ ਨੂੰ ਉਹ ਏਸ ਤਰਾਂ ਸਪੱਸ਼ਟ ਕਰਦੇ ਹਨ :-
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ॥
(ਵਾਰ ੧੩, ਪਉੜੀ ੨)
ਇਹ ਗੁਰਮੰਤਰ ਵਾਹਿਗੁਰੂ ਹੀ ਹੈ, ਜਿਸ ਦੇ ਜਪਣ ਨਾਲ ਹਉਮੈ ਦੂਰ ਹੁੰਦੀ ਹੈ। ਇਹੋ ਸਤਿਨਾਮ ਹੈ, ਏਸ ਤੋਂ ਬਿਨਾਂ ਬਾਕੀ ਰਾਮ, ਹਰੀ ਆਦਿ ਸਭ ਕ੍ਰਿਤਮ ਨਾਮ ਹਨ, ਜਿਨ੍ਹਾਂ ਦਾ ਜਾਪ-ਸਿਮਰਨ ਵਾਹਿਗੁਰੂ ਸਤਿਨਾਮ ਮੰਤਰ ਦੇ ਤੁਲ ਨਹੀਂ:-
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿਨਾਮ ਤੇਰਾ ਪਰਾ ਪੂਰਬਲਾ ॥…੨੭॥
(ਮਾਰੂ ਮਹਲਾ ੫, ਪੰਨਾ ੧੦੮੩)
ਇਹ ਸਤਿਨਾਮ ਪਰਾ ਪੂਰਬਲਾ ਹੈ, ਬਾਕੀ ਨਾਮ ਲੋਕਾਂ ਦੇ ਰਚੇ ਹੋਏ ਹਨ।
ਇਹ ਗੁਰਮਤਿ ਨਾਮ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਕਿਰਪਾ ਨਾਲ ਹੀ ਮਨ ਵਿਚ ਵਸਦਾ ਹੈ। ਵੈਸੇ ਆਪ-ਮੁਹਾਰਾ ਨਾਮ ਮੂੰਹੋਂ ਆਖਿਆ ਪਰਵਾਣ ਨਹੀਂ। ਗੁਰਮਤਿ ਬਿਧੀ ਅਨੁਸਾਰ ਪ੍ਰਾਪਤ ਹੋਇਆ ਨਾਮ ਹੀ ਖੰਡੇ ਦਾ ਅੰਮ੍ਰਿਤ ਛਕ ਕੇ ਜਪਿਆ ਫਲੀਭੂਤ ਹੋ ਸਕਦਾ ਹੈ। ਜਿਹਾ ਕਿ ਗੁਰਵਾਕ ਹੈ:-
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
(ਗੂਜਰੀ ਮ:੩, ਪੰਨਾ ੪੯੧)
ਏਸ ਤਰ੍ਹਾਂ ਬਿਧੀ ਪੂਰਬਕ ਪ੍ਰਾਪਤ ਹੋਏ ਨਾਮ-ਜਾਪ ਦਾ ਆਟੋਮੈਟਿਕ (ਆਪ-ਮੁਹਾਰਾ) ਤੋਰਾ ਤੁਰ ਸਕਦਾ ਹੈ। ਨਾਮ ਦੀ ਰਸਕ ਜੋਤਿ ਪ੍ਰਜੁਲਤ ਹੋਣ ਤਕ ਸਿਲ ਅਲੂਣੀ ਚਟਣੀ ਲਗਦੀ ਹੈ। ਜਦੋਂ ਨਾਮ ਮਨ ਵਿਚ ਵਸ ਗਿਆ, ਤਦ ਸੁਰਤੀ ਬਿਰਤੀ ਰਸ-ਲੀਨ ਹੋਣ ਕਾਰਨ ਇਹ ਰਸ ਛਡਿਆ ਨਹੀਂ ਜਾਂਦਾ।