ਗੁਰਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਨਹ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥੩੩॥
(ਸਲੋਕ ਸਹਸਕ੍ਰਿਤੀ ਮ:੫, ਪੰਨਾ ੧੩੫੬)
ਏਸ ਸਲੋਕ ਵਿਚ ਗੁਰੂ ਸਾਹਿਬ ਨੇ ਗੁਰਮੰਤਰ ਹੀਣ ਪ੍ਰਾਣੀਆਂ ਦੀ ਦਸ਼ਾ ਦਸੀ ਹੈ, ਭਾਵ ਇਹ ਕਿ ਗੁਰਮਤਿ ਗੁਰਮੰਤਰ ਤੋਂ ਹੀਣੇ (ਸਖਣੇ) ਜਿਤਨੇ ਪ੍ਰਾਣੀ ਵੀ ਏਸ ਸੰਸਾਰ ਵਿਚ ਹਨ, ਉਹਨਾਂ ਦਾ ਮਨੁੱਖ ਜਾਮਾ ਧ੍ਰਿਗ ਧ੍ਰਿਗ ਹੈ, ਉਹ ਕੂਕਰਾਂ (ਕੁੱਤਿਆਂ), ਸੂਕਰਾਂ (ਸੂਰਾਂ), ਗਰਧਭਾਂ (ਗਧਿਆਂ), ਕਾਕਾਂ (ਕਾਵਾਂ) ਤੇ ਸੱਪਾਂ ਦੀ ਨਿਆਈਂ ਭ੍ਰਿਸ਼ਟ ਹਨ। ਗੁਰਮੰਤਰ-ਹੀਣ ਨਿਗੁਰੇ ਪੁਰਸ਼ਾਂ ਉਤੇ ਏਦੂੰ ਵਧ ਕੇ ਭ੍ਰਿਸ਼ਟਾਚਾਰੀ ਤੇ ਧ੍ਰਿਗਕਾਰੀ ਹੋਣ ਦੀ ਹੋਰ ਕੀ ਫਿਟਕਾਰ ਪੈ ਸਕਦੀ ਹੈ, ਜੈਸਾ ਕਿ ਉਪਰਲੇ ਗੁਰਵਾਕ ਅੰਦਰ ਗੁਰੂ ਸਾਹਿਬ ਨੇ ਪਾਈ ਹੈ। ਇਹ ਨਿਰੀ ਫਿਟਕਾਰ ਹੀ ਨਹੀਂ, ਸਗੋਂ ਵਾਸਤਵੀ ਹੋਣਹਾਰ ਭਿਅੰਕਰ ਦਸ਼ਾ ਦਸੀ ਹੈ, ਜੋ ਨਿਗੁਰੇ, ਨਿਗੁਸਾਏ ਗੁਰਮੰਤਰ ਤੋਂ ਹੀਣੇ ਜੀਵਾਂ ਉਤੇ ਸਚਮੁਚ ਵਰਤ ਕੇ ਰਹਿਣੀ ਹੈ। ਬਲਕਿ ਇਸ ਜਨਮ ਵਿਚ ਵੀ ਉਹਨਾਂ ਦਾ ਮਨੁੱਖੀ ਜਾਮਾ ਗੁਰਮੰਤਰ-ਹੀਣ ਤੇ ਨਿਗੁਰੇ ਹੋਣ ਕਰਕੇ ਕੁੱਤਿਆਂ, ਸੂਰਾਂ, ਗਧਿਆਂ, ਕਾਵਾਂ ਤੇ ਸੱਪਾਂ ਸਾਰਖਾ ਹੀ ਭ੍ਰਿਸ਼ਟ ਹੈ। ਏਸ ਤੋਂ ਵਧ ਹੋਰ ਕੀ ਲਾਅਨਤ ਪਾਈ ਜਾ ਸਕਦੀ ਹੈ ਗੁਰਮੰਤਰ-ਹੀਣੇ ਨਿਗੁਰੇ ਪ੍ਰਾਣੀਆਂ ਦੀ ਜੀਵਨ-ਦਸ਼ਾ ਉਤੇ। ਏਸ ਸਬੰਧੀ ਗੁਰਬਾਣੀ ਦੇ ਹੋਰ ਅਨੇਕਾਂ ਪ੍ਰਮਾਣ ਹਨ। ਜਿਹਾ ਕਿ :-
ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥…੨॥
(ਸਿਰੀਰਾਗੁ ਮ:੫, ਪੰਨਾ ੫੦)
ਗੁਰਮੰਤਰ ਤੋਂ ਹੀਣਾ ਨਿਗੁਰਾ, ਸ਼ਬਦ ਅਭਿਆਸ, ਗੁਰਮਤਿ ਨਾਮ ਅਭਿਆਸ ਕਮਾਈ ਤੋਂ ਖ਼ਾਲੀ ਹੋਣ ਕਰਕੇ, ਤੇ ਸੱਚ ਨਾਮ ਆਹਾਰੀ, ਨਾਮ ਆਧਾਰੀ ਤੇ ਨਾਮ ਸਾਧਾਰੀ ਜੋਤਿ-ਰਸ-ਵਿਗਾਸ ਵਿਚ ਨਾ ਆਉਣ ਕਰਕੇ, ਕਦੇ ਵੀ ਰਜਦਾ ਤ੍ਰਿਪਤਾਸਦਾ ਨਹੀਂ ਅਤੇ ਹਲਕੇ ਹੋਏ ਕੁੱਤੇ ਦੀ ਨਿਆਈਂ ਦਰ-ਬਦਰ ਭਟਕਦਾ, ਥਿੜਕਦਾ ਫਿਰਦਾ ਹੈ।
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥੧॥
(ਆਸਾ ਮ:੯, ਪੰਨਾ ੪੧੧)
ਇਹ ਗੁਰਵਾਕ ਸਪੱਸ਼ਟ ਸਿਧ ਕਰਦਾ ਹੈ ਕਿ ਕੁੱਤੇ ਦੀ ਨਿਆਈਂ ਦੁਆਰੇ ਦੁਆਰੇ ਡੋਲਣਹਾਰਾ ਪ੍ਰਾਣੀ, ਲੋਭ ਲਹਿਰ ਵਿਚ ਗ੍ਰਸਤ ਹੋਣ ਕਰਕੇ ਏਸ ਭੈੜੀ ਦਸ਼ਾ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ਨੂੰ ਰਾਮ ਭਜਨ ਦੀ ਸੁਧ ਨਹੀਂ ਹੁੰਦੀ। ਸੁਧ ਹੋਵੇ ਵੀ ਕਿਵੇਂ, ਕਿਉਂਕਿ ਗੁਰਮੰਤਰ-ਹੀਣ ਤੇ ਨਿਗੁਰਾ ਜੁ ਹੋਇਆ। ਭਲਾ ਨਿਗੁਰੇ ਪੁਰਸ਼ ਨੂੰ ਭਾਉ-ਭਗਤੀ ਨਾਮ ਅਭਿਆਸ ਦੀ ਸੁਧ ਬੁਧ ਤੇ ਜੁਗਤ ਬਿਧੀ ਕਦੇ ਆ ਸਕਦੀ ਹੈ? ਕਦੰਤ ਨਹੀਂ। ਗੁਰਮੰਤਰ ਤੋਂ ਵਰੋਸਾਏ ਹੋਏ ਸਗੁਰੇ ਗੁਰਮੁਖ ਜਨ ਹੀ ਏਹਨਾਂ ਲੌਭ-ਲਹਿਰਾਂ, ਤ੍ਰਿਸ਼ਨਾਵਾਂ ਤੇ ਕਾਮਨਾਵਾਂ ਤੋਂ ਅਲੇਪ, ਬੇ-ਮੁਥਾਜ ਤੇ ਬੇਪ੍ਰਵਾਹ ਰਹਿ ਸਕਦੇ ਹਨ। ਸੰਸਾਰੀ ਜੀਵਾਂ ਨੂੰ ਅਹਿਨਿਸ ਏਹਨਾਂ ਲੋਭ-ਲਹਿਰਾਂ ਦੇ ਲਲਚੇਵੇਂ ਤੇ ਹਲਕੇਵੇਂ ਹੀ ਵਿਆਪਦੇ ਰਹਿੰਦੇ ਹਨ। ਉਹਨਾਂ ਨੂੰ ਏਸ ਆਤਮ ਪਦਾਰਥ ਦੀ ਸੁਧ ਬੁਧ ਕੀ ਹੋ ਸਕਦੀ ਹੈ, ਜਿਸ ਪਦਾਰਥ ਕਰਕੇ ਤ੍ਰਿਪਤਾਸੀਦਾ ਤੇ ਅਗਾਈਦਾ ਹੈ।
ਸਾਕਤ ਪੁਰਸ਼ਾਂ ਨਾਲੋਂ ਤਾਂ ਸੂਰ ਦਾ ਹੀ ਭਲਾ ਹੈ। ਯਥਾ ਗੁਰਵਾਕ:-
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥
ਉਹ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥੧੪੩॥
(ਸਲੋਕ ਕਬੀਰ ਜੀ, ਪੰਨਾ ੧੩੭੨)
ਏਥੇ ਸਾਕਤ ਪੁਰਸ਼ ਸੂਰਾਂ ਤੋਂ ਵੀ ਭੈੜੇ ਜਣਾਏ ਗਏ ਹਨ। ਸਾਕਤਾਂ ਨਾਲੋਂ ਸੂਰ ਭਲੇ ਦਸੇ ਗਏ ਹਨ, ਜੋ ਸ਼ਹਿਰਾਂ ਪਿੰਡਾਂ ਦੀਆਂ ਜੂਹਾਂ ਲਾਗੇ ਫਿਰ ਕੇ ਗੰਦ ਮੈਲੇ ਤੋਂ ਸ਼ਹਿਰਾਂ, ਪਿੰਡਾਂ ਨੂੰ ਸਾਫ਼ ਤਾਂ ਰਖਦੇ ਹਨ। ਨਿਗੁਰੇ ਗੁਰਮੰਤਰ-ਹੀਣ ਪ੍ਰਾਣੀ ਨੂੰ ਗੁਰੂ ਸਾਹਿਬ ਗਧੇ ਦੀ ਤੁਲਨਾ ਹੋਰ ਗੁਰਵਾਕਾਂ ਅੰਦਰ ਦਿੰਦੇ ਹਨ :-
ਬਿਨੁ ਸਿਮਰਨ ਗਰਧਭ ਕੀ ਨਿਆਈ॥
ਸਾਕਤ ਥਾਨ ਭਰਿਸਟ ਫਿਰਾਹੀ॥੫॥
(ਗਉੜੀ ਮ:੫, ਪੰਨਾ ੨੩੯)
ਗੁਰਮਤਿ ਨਾਮ ਅਭਿਆਸ ਕਮਾਈ ਤੋਂ ਸਖਣੇ ਸਾਕਤ ਪੁਰਸ਼ ਗਧਿਆਂ ਦੀ ਤਰ੍ਹਾਂ ਹਨ, ਕਿਉਂਕਿ ਜਿਵੇਂ ਗਧੇ ਗੰਦਗੀ ਖਾਣ ਲਈ ਰੂੜੀਆਂ ਆਦਿ ਭ੍ਰਿਸ਼ਟ ਥਾਵਾਂ ਤੇ ਫਿਰਦੇ ਰਹਿੰਦੇ ਹਨ, ਇਸੇ ਤਰ੍ਹਾਂ ਸਾਕਤ ਪੁਰਸ਼ ਆਪਣੀਆਂ ਮੰਦ ਵਾਸ਼ਨਾਵਾਂ ਦੇ ਅੱਟੇ ਹੋਏ ਭੈੜੇ ਭ੍ਰਿਸ਼ਟਾਚਾਰੀ ਥਾਂਵਾਂ ਤੇ ਪਏ ਖਜਲ-ਖੁਆਰ ਹੁੰਦੇ ਫਿਰਦੇ ਹਨ। ਇਸ ਪ੍ਰਕਾਰ ਗੁਰਬਾਣੀ ਅੰਦਰ ਸਾਕਤਾਂ ਨਿਗੁਰੇ ਪੁਰਸ਼ਾਂ ਦੀ ਦਸ਼ਾ ਕਾਵਾਂ, ਸੱਪਾਂ, ਸੂਰਾਂ, ਗਧਿਆਂ ਤੇ ਮੂਰਖਾਂ ਵਰਗੀ, ਸਗੋਂ ਉਹਨਾਂ ਤੋਂ ਵੀ ਬੁਰੀ ਵਰਨਣ ਕੀਤੀ ਹੈ। ਯਥਾ ਗੁਰਵਾਕ:-
ਚਿਰੰਕਾਲ ਪਾਈ ਦੁਰਲਭ ਦੇਹ॥
ਨਾਮ ਬਿਹੂਣੀ ਹੋਈ ਖੇਹ॥
ਪਸੂ ਪਰੇਤ ਮੁਗਧ ਤੇ ਬੁਰੀ॥
ਤਿਸਹਿ ਨ ਬੂਝੈ ਜਿਨਿ ਇਹ ਸਿਰੀ॥੩॥(੪॥੧੨॥੨੩)
(ਰਾਮਕਲੀ ਮ:੫, ਪੰਨਾ ੮੯੦)
ਇਸ ਭਿਆਨਕ ਚਉਰਾਸੀ ਦੇ ਗੇੜ ਤੋਂ ਛੁਟਕਾਰਾ ਪਾਉਣ ਦਾ ਇਕ ਸਾਧਨ ਹੈ ਗੁਰੂ ਕੀ ਸਰਨ ਆ ਕੇ ਨਾਮ ਜਪਣਾ, ਜਿਹਾ ਕਿ ਗੁਰਵਾਕ ਹੈ:-
ਜਹੁ ਨਾਨਕ ਇਹੁ ਤਤੁ ਬੀਚਾਰਾ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ॥੩॥੪੪॥੧੧੩॥
(ਗਉੜੀ ਮ:੫, ਪੰਨਾ ੧੮੮)
ਵਾਹਿਗੁਰੂ ਦਾ ਭਜਨ ਹੀ ਸਭ ਤੋਂ ਉਤਮ ਤੇ ਕਲਿਆਣਕਾਰੀ ਕਰਮ ਹੈ; ਹੋਰ ਪੁੰਨ ਦਾਨ ਕਿਰਿਆ ਕਰਮ ਸਭ ਏਸ ਤੋਂ ਹੇਠਾਂ ਹਨ। ਯਥਾ:-
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥੮॥੧੪॥
(ਸਿਰੀ ਰਾਗੁ ਮ:੧, ਪੰਨਾ ੬੨)
ਇਹ ਸ਼ੁਭ ਆਚਾਰ ਪੂਰਬਲੇ ਭਾਗਾਂ ਤੇ ਗੁਰੂ ਕਰਤਾਰ ਦੀ ਮਿਹਰ ਦੇ ਸਦਕੇ ਪ੍ਰਾਪਤ ਹੁੰਦਾ ਹੈ:-
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥੮॥
(ਸੋਰਠਿ ਮ:੫, ਪੰਨਾ ੬੪੨)
ਜਿਸ ਭਾਗਾਂ ਵਾਲੇ ਨੂੰ ਇਸ ਨਾਮ ਦੀ ਦਾਤ ਮਿਲਦੀ ਹੈ, ਇਹੀ ਸਭ ਤੋਂ ਉਤਮ ਵਡਿਆਈ ਤੇ ਸਭ ਤੋਂ ਸਰੇਸ਼ਟ ਕਰਮ ਹੈ। ਯਥਾ ਗੁਰਵਾਕ:-
ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ॥੮॥੧॥
(ਰਾਮਕਲੀ ਮ:੧, ਪੰਨਾ ੯੦੨)