ਤਦ ਦਰਸ਼ਨ ਦਾ ਚਮਤਕਾਰ ਕਿਊਂਕਰ ਪ੍ਰਾਪਤ ਹੋਵੇ? ਗੁਰੂ ਦਰਸ਼ਨ ਦੀ ਪ੍ਰਾਪਤੀ ਨੂੰ ਪਰਤੀਤ ਸੰਯੁਕਤ ਅਤੇ ਸਿਕ ਪੂਰਬਕ ਗੁਰਬਾਣੀ ਅਤੇ ਨਾਮ ਸੰਗ ਇਕ-ਤਾਰ ਜੁਟੇ ਰਹਿਣਾ ਜੋਤਿ ਸਰੂਪੀ ਦਿਬ ਜੋਤਿ ਦੇ ਦਰਸ਼ਨਾ ਦੇ ਪ੍ਰਾਪਤ ਕਰਾਵਣ ਨੂੰ ਅਵਸ਼ ਸਮਰਥ ਹੈ। ਜੋ ਸਦੀਵੀ ਨਾਮ ਜਪਦੇ ਹਨ ਤਿਨ੍ਹਾਂ ਦੇ ਘਟ ਵਿਖੇ ਤਾਂ ਗੁਰੂ ਦੀ ਜਾਗਤ ਜੋਤਿ ਹਰ ਦਮ ਹੀ ਜਾਗਦੀ ਹੈ। ਉਹ ਤਾਂ ਹਰ ਦਮ ਸਰਬ ਸਮੇਂ, ਸਰਬ ਥਾਂ ਹੀ ਦਰਸ਼ਨਾਂ ਦੀ ਮਸਤੀ ਵਿਚ ਮਸਤ ਹਨ ਅਤੇ ਨਾਮ ਦੇ ਰੰਗ ਵਿਚ ਰੰਗੇ ਜਾ ਕੇ ਨਾਮੀ ਨਾਲ ਅਭੇਦ ਰੂਪ ਹੋ ਰਹੇ ਹਨ।
ਪ੍ਰੀਤਮ ਦੇ ਪ੍ਰਕਾਸ਼ ਦੇ ਪਰਤਵ ਅਤੇ ਪ੍ਰਕਾਸ਼ ਦੀ ਜੋਤਿ ਦੇ ਪ੍ਰਤਾਪ ਕਰਕੇ ਜੋਤਿ-ਰਸ-ਭਿੰਨੇ ਅਤੇ ਦਰਸ-ਜੋਤਿ-ਭਿੰਨਣੇ ਲੋਇਣਾਂ ਅਗੇ ਉਜਿਆਰਾ ਹੈ। ਬਾਣੀ ਤੇ ਨਾਮ ਨਾਲ ਨੇਹੁ ਜੋੜਨ ਨਾਲ ਜੋਤਿ ਦੀ ਕਿਰਣ ਪ੍ਰਕਾਸ਼ ਪੈਂਦੀ ਹੈ ਅਤੇ ਫਿਰ ਜਿਉਂ ਜਿਉਂ ਇਹ ਨੇਹ ਵਧਦਾ ਜਾਂਦਾ ਹੈ ਤਿਉਂ ਤਿਉਂ ਜੋਤਿ ਵੀ ਪਸਰਦੀ ਜਾਂਦੀ ਹੈ। ਇਸ ਬਿਧ ਨਾਮ ਦੀ ਲਾਗ ਲਾ ਕੇ ਜੋਤਿ ਸਰੂਪ ਪਾਰਸ ਸਤਿਗੁਰੂ ਨੇ ਅਨੇਕਾਂ ਹੀ ਪ੍ਰਾਣੀਆਂ ਨੂੰ ਸਚੀ ਪ੍ਰਕਾਸ਼ ਸਰੂਪ ਜੋਤਿ ਦਾ ਉਜਿਆਰਾ ਬਖਸ਼ਿਆ ਅਤੇ ਹੁਣ ਭੀ ਬਖਸ਼ਣ-ਹਾਰ ਹੈ। ਅਗਾਹਾਂ ਨੂੰ ਭੀ ਬਖਸਣ ਜੋਗ ਹੈ। ਉਸ ਸੱਚੀ ਜੋਤਿ ਦਾ, ਉਸ ਸੱਚੇ ਪ੍ਰਕਾਸ਼ ਦਾ ਜਿਨ੍ਹਾਂ ਨੂੰ ਉਜਿਆਰਾ ਨਹੀਂ ਹੋਇਆ, ਓਹ ਗੁਰਪੁਰਬ ਦਿਹਾੜੇ ਤਾਂ ਜੋਤਿ ਦਾ ਸੱਚਾ ਰੰਗ, ਮਜੀਠੀ ਰੰਗ ਚਾੜ੍ਹ ਲੈੜ। ਚਾੜ੍ਹਨ ਦਾ ਹੀਲਾ ਕਰ ਕੇ ਦੇਖ ਲੈਣ। ਹੋਰ ਨਹੀਂ ਤਾਂ ਨਾਮ ਨਾਲ ਹੀ ਨੇਹੁ ਲਾ ਕੇ ਪਰਤਿਆ ਲੈਣ, ਪਰ ਨਾਮ ਨਾਲ ਜੁਟਣ ਤੋਂ ਪਹਿਲਾਂ ਵਿਚਾਰ ਕੇ ਇਹ ਭੀ ਦੇਖ ਲੈਣ ਕਿ ਅਜਿਹੇ ਦੈਵੀ ਦਰਸ਼ਨਾਂ ਦੇ ਤਾਈਂ ਇਕ ਵਾਰ ਆਪਾ ਅਰਪਣਾ ਜ਼ਰੂਰ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਆਪਣੇ ਗੁਰਮੁਖ ਪਿਆਰਿਆਂ ਅਤੇ ਭਾਣੇ ਅੰਦਰ ਆਇਆਂ ਨਾਮ ਦੇ ਸੇਵਨਹਾਰੇ ਸਿਖ ਸੇਵਕਾਂ ਨੂੰ ਸਾਂਵੇ ਹੀ ਪਰਗਟ ਹਨ। ਗੁਰਪੁਰਬ ਦਾ ਦਿਨ ਤਾਂ ਤਿਨ੍ਹਾਂ ਸੁਹਾਗਵੰਦੇ ਸੁਰਜਨਾਂ ਦੇ ਸਮੀਪੀ ਮਿਲਾਪ ਦਾ ਦਿਹਾੜਾ ਹੈ, ਜੋ ਭਾਉ-ਭਗਤੀ ਦੇ ਵਿਚ ਗੀਧੇ ਹੋਏ ਸਤਿਗੁਰੂ ਨਾਨਕ ਦੇਵ ਦੇ ਓਸ ਦੈਵੀ ਦਰਸ਼ਨ ਨੂੰ ਸਿੱਕਾਂ ਭਰੀ ਲਿਵਤਾਰ ਸਹਿਤ ਲੋਚ ਰਹੇ ਹਨ, ਜਿਸ ਚਮਕਦੇ ਦਰਸ਼ਨ ਦੇ ਸਰੂਪ ਵਿਚ ਗੁਰੂ ਜੀ ਦੀ ਦਿਬ ਜੋਤਿ ਅਜ ਦੇ ਦਿਨ ਭਵਿ-ਭੁਮੀ ਵਿਖੇ ਅਵਤਰੀ ਸੀ, ਜਿਸ ਦੇ ਝਲਕਾਰ ਨੇ ਬਿਜਲੀ ਵਾਲਾ ਚਮਤਕਾਰ ਸੂਰਜ ਮੁਖ ਫੁਲ ਵਤ ਪਰਕਾਸ਼ ਕੇ ਦਰਸ਼ਨ-ਅਧਿਕਾਰੀ ਪ੍ਰੇਮੀਆਂ ਨੂੰ ਇਕ ਵਾਰ ਫਿਰ ਨਿਖਰਵਾਂ ਕਰ ਕੇ ਅਤੇ ਨਿਖਾਰ ਕੇ ਦਿਖਾ ਦੇਣਾ ਹੈ। ਪਰੰਤੂ ਤਿਮਰ ਅਗਿਆਨੀ ਦੀ ਘੁੱਗੂ ਦ੍ਰਿਸ਼ਟੀ ਨੇ ਅਗੇ ਵਾਂਗੂ ਚੁੰਧਿਆ ਜਾਣਾ ਹੈ ਅਤੇ ਚੁੰਧਿਆਏ ਹੀ ਰਹਿਣਾ ਹੈ।
ਸਤਿ ਸ੍ਰੀ ਅਕਾਲ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭਮਨੀ ਜਾਇ ਨਾ ਧੀਰਿ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣਿ ਸੋਆ॥
ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥੨੭॥
{ਭਾਈ ਗੁਰਦਾਸ ਜੀ, ਵਾਰ ੧}