ਮਾਇਆ-ਮੋਹ ਵਿਚ ਮਨੂਰ ਹੋਏ ਮਨ ਅਤੇ ਭਰਮ-ਜਾਲ ਦੇ ਭਰਮਾਏ ਹੌਏ ਜੀਵ ਚਾਹੇ ਸ੍ਰਿਸ਼ਟੀ ਭਰ ਦੇ ਐਸ਼ਵਰਜ ਦੇ ਮਾਲਕ ਕਿਉਂ ਨ ਹੋ ਜਾਣ, ਘੋਰ ਅੰਧਕਾਰ ਵਿਚ ਹੀ ਭਟਕ ਰਹੇ ਹਨ । ਜੇਕਰ ਜੋਤਿ ਸਰੂਪੀ ਆਤਮਿਕ ਜੋਤਿ ਦੀ ਕਿਰਨ ਤਿਨ੍ਹਾਂ ਦੇ ਘਾਟ ਅਦੰਰ ਨਹੀਂ ਪ੍ਰਕਾਸੀ, ਚਤਰਾਈ ਸਿਆਣਪ ਦੇ ਮਾਯਾਵੀ ਮਦ ਵਿਚ ਮਤੇ ਹੋਏ ਮਗਜ਼ (ਦਿਮਾਗ) ਅਤੇ ਮਤ-ਮਤ੍ਰਾਂਤਾਂ ਦੀਆਂ ਸ਼ੁਸ਼ਕ ਫ਼ਿਲਾਸਫ਼ੀਆਂ ਅਤੇ ਨਵੀਨ ਵਾ ਪ੍ਰਾਚੀਨ ਜ਼ਮਾਨੇ ਦੀ ਨਾਨਾ ਪਰਕਾਰੀ ਸਾਇੰਸ ਦੇ ਮੁਠੇ ਹੋਏ ਹਿਰਦੇ, ਚਾਹੇ ਵਿਦਿਆ ਦੇ ਭੰਡਾਰ ਹੀ ਕਿਉਂ ਨਾ ਬਣੇ ਹੋਏ ਹੋਣ, ਹਨੇਰ ਗੁਬਾਰ ਵਿਚ ਹੀ ਭਮਬਲਭੂਸੇ ਖਾ ਰਹੇ ਹਨ, ਜੇਕਰ ਇਕ ਅਕਾਲੀ ਜੋਤਿ ਦਾ ਚਮਤਕਾਰ ਓਥੇ ਨਹੀਂ ਪਿਆ । ਜੋ ਹਿਰਦੇ ਇਸ ਸਚੀ ਜੋਤਿ ਸਰੂਪੀ ਰੌਸ਼ਨੀ ਤੋਂ ਸਖਣੇ ਹਨ, ਜੋ ਮਨ ਆਪਣੇ ਆਤਮਕ ਸਰੂਪ ਦੀ ਲਖਤਾ ਤੋਂ ਘੁਥੇ ਹੋਏ ਹਨ, ਓਹ ਅਗਿਆਨ ਅੰਧੇਰ ਵਿਚ, ਕੇਵਲ ਅੰਧੇਰੇ ਨੂੰ ਹੀ ਜਫਾ ਪਾਈ ਬੈਠੇ ਹਨ । ਉਥੇ ਤਿਮਰ ਅਗਿਆਨ ਹੀ ਛਾ ਰਿਹਾ ਹੈ, ਓਥੇ "ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ" ਦੇ ਗੁਰਵਾਕ ਵਾਲਾ ਅੰਧੇਰਾ ਹੈ । ਸ੍ਰਿਸ਼ਟੀ ਦੇ ਸਰਬ ਸਿਰਜੇ ਜੀਅ ਜੰਤਾਂ ਤੋਂ ਸਰਬ ਸਰੇਸ਼ਟ (ਅਸਰਫ਼ੁਲ-ਮਖਲੂਕਾਤ) ਅਖਵਾਉਣ ਵਾਲਾ ਚਤਰਾਈ ਦਾ ਪੁੰਜ ਮਨੁੱਖ ਇਸ ਆਤਮਕ ਲਖਤਾ ਤੋਂ ਊਰਾ ਹੀ ਰਹੇ ਕਿ ਮੈਂ ਕੀ ਹਾਂ ? ਮੇਰਾ ਸਰੂਪ ਕੀ ਹੈ? ਮੇਰਾ ਮੂਲ ਕੀ ਹੈ? ਕਥਨੀ ਦੁਆਰਾ ਏਸ ਅਵਸਥਾ ਨੂੰ ਕਥਿ ਕੇ ਤਾਂ ਬਥੇਰੇ ਹੰਭ ਹਾਰ ਹਟੇ ਹਨ, ਪਰ "ਕਥਨੀ ਕਹਿ ਭਰਮੁ ਨ ਜਾਈ ॥ ਸਭ ਕਥਿ ਕਥਿ ਰਹੀ ਲੁਕਾਈ" ਗੁਰਵਾਕ ਦੇ ਭਾਵ ਅਨੁਸਾਰ ਨਿਰੀ ਕਥਨੀ ਹੀ ਕਥਨੀ ਰਹੀ ਹੈ । ਉਸ ਸਰੂਪ ਦੀ ਵਾਸਤਵੀ ਲਖਤਾ, ਉਸ ਅਕਾਲੀ ਜੋਤਿ ਦਾ ਅਨਭਵੀ ਪ੍ਰਕਾਸ਼ ਨਹੀਂ ਹੋ ਸਕਿਆ । ਆਪਣਾ ਅਸਲ ਸਰੂਪ, ਜੋਤਿ ਸਰੂਪੀ ਸਰੂਪ ਨਹੀੰ ਚੀਨਿਆ ਗਿਆ । ਤਾਂ ਤੇ "ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ" ਦੇ ਗੁਰਵਾਕ ਦੇ ਭਾਵ ਦੇ ਅਨੁਸਾਰ ਭਰਮ ਹੀ ਭਰਮ ਰਿਹਾ । ਕਿਹਾ ਭਿਆਨਕ ਅੰਧੇਰਾ ਹੈ ਕਿ ਭਰਮ ਦੀ ਭ੍ਰਾਂਤੀ ਵਿਚ ਹੋੰਦਿਆਂ ਭੀ ਭਰਮ ਅੰਧੇਰਾ ਨਾ ਭਾਸ ਸਕੇ ।