ਜਦ ਤੀਕ ਜਗਿਆਸੂਆਂ ਦੇ ਹਿਰਦੇ ਅਮਦਰ ਉਸ ਦਿੱਬ ਜੋਤਿ ਦੇ ਪਰਕਾਸ਼ ਦਾ ਉਜਾਲਾ, ਸਚ ਮੁਚ ਕੋਟ (ਕਰੋੜ) ਸੂਰਜਾਂ ਦੇ ਚਾਨਣੇ ਵਤ ਪਸਰਤ ਹੋ ਕੇ ਇਸ ਬਿਧ ਜਗਿਆਸੂਆਂ ਦੇ ਘਟਾਂ ਅੰਦਰ ਗਿਆਨ ਰੂਪੀ ਸੱਚਾ ਚਾਨਣਾ ਨਹੀੰ ਖਿੜਦਾ (ਵਿਗਸਦਾ), ਜੈਸੇ ਕਿ "ਚਾਂਦਨਾ ਗ੍ਰਿਹਿ ਹੋਇ ਅੰਧੇਰੈ" ਦੇ ਗੁਰਵਾਕ ਦਾ ਭਾਵ ਦਸਦਾ ਹੈ, ਤਦ ਤੀਕਰ ਘੋਰ ਅੰਧਕਾਰ ਹੀ ਅੰਧਕਾਰ ਹੈ । ਪਰ ਐਵੇਂ ਕਥਨੀ ਬਦਨੀ ਦੁਆਰਾ ਇਹ ਉਜਾਲਾ ਉਦਿਤ ਨਹੀਂ ਹੋ ਸਕਦਾ । ਬਸ 'ਨਾਮ', ਕੇਵਲ ਨਾਮ ਦੁਆਰਾ ਹੀ ਅੇਸਾ ਹੋਣਾ ਸੰਭਵ ਹੈ। ਨਾਮ, ਕੇਵਲ ਨਾਮ ਦੁਆਰਾ ਦਿਬ ਜੋਤਿ ਦੀ ਲਖਤਾ, ਕੋਟ ਸੂਰਜਾਂ ਦੇ ਉਜਿਆਰੇ ਸਮ ਪ੍ਰਕਾਸ਼ਤ ਜੋਤਿ ਦੀ ਲਖਤਾ ਪ੍ਰਾਪਤ ਹੁੰਦੀ ਹੈ । ਇਸ ਲਖਤਾ ਦਾ ਅਰਥ ਚੁੰਚ ਗਿਆਨੀਆਂ ਵਾਲੇ ਕਥਨੀ ਮਾਤਰ ਹੀ ਨਹੀਂ । ਅਨੁਮਾਨਤਾ ਅੇਵੇਂ ਕਹਿਣੀ ਹੀ ਹੈ । ਇਹ ਲਖਤਾ ਤਾਂ ਉਸ ਕੋਟ ਸੂਰਜਾਂ ਦੇ ਉਜਿਆਰੇ ਸਮ ਝਿਲਮਿਲਕਾਰ, ਕ੍ਰਾਂਤੀ ਪ੍ਰਕਾਸ਼ਤ ਜੋਤਿ ਦਾ ਸਾਂਗੋ ਪਾਂਗ ਦਿਦਾਰ ਦਾ ਸਾਪੇਪਛ ਦਰਸ਼ਨ ਹੈ । ਏਸ ਅਲੌਕਿਕ ਨਾਮ ਪਦਾਰਥ ਦਾ ਫੁਹਾਰਾ ਕਿਥੋਂ ਫੁਟਿਆ? ਉਸ ਸੱਚ, ਸਤਿਗੁਰ ਸ੍ਰੀ ਗੁਰ ਨਾਨਕ ਦੇਵ' ਰੂਪੀ ਸਚੇ ਸੋਮੇ ਤੋਂ, ਜਿਸ ਦੇ ਅਵਤਾਰ ਧਾਰਨ ਦੇ ਸੁਭਾਗ ਦਿਹਾੜੇ ਦਾ ਗੁਰਪੁਰਬ ਸਦਾ ਮਨਾਇਆ ਜਾਂਦਾ ਹੈ ।
ਇਹ ਗੁਰਪੁਰਬ ਮਨਾਵਣ ਦੀਆਂ ਸਾਰੀਆਂ ਖ਼ੁਸ਼ੀਆਂ ਕੇਵਲ ਉਸ ਸੁਭਾਗ ਦਿਹਾੜੇ ਦੀ ਯਾਦਗਾਰ ਵਿਚ ਹਨ, ਜਿਸ ਦਿਨ ਕਿ ਜੋਤਿ ਸਰੂਪ, ਪ੍ਰਕਾਸ਼ ਸਰੂਪ ਜੋਤਿ ਅਤੇ ਆਪਣੇ ਜੋਤਿ ਸਰੂਪੀ ਪ੍ਰਕਾਸ਼ ਦੁਆਰਾ ਸੰਸਾਰ ਭਰ ਦਾ ਤਿਮਰ-ਅਗਿਆਨ ਬਿਨਾਸ ਕਰਨਹਾਰ ਜੋਤਿ, ਨਾਮ ਦੀ ਕਲਾ ਵਰਤਾ ਕੇ ਕੋਟਾਨ ਕੋਟ ਸੂਰਜਾਂ ਦੇ ਝਲਕਾਰ ਸਾਰਖੇ ਚਮਤਕਾਰ ਨੂੰ ਸਾਖਸ਼ਾਤ ਕਰਾਵਨਹਾਰੀ ਜੋਤਿ ਅਰਥਾਤ ਗੁਰੂ, "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਜਾਮੇ ਵਿਚ ਆਣ ਕੇ ਇਸ ਭਵਿ ਭੁਮੀ ਉਤੇ ਆਪਣੇ (ਨਿਜ ਸਰੂਪ) ਨੂੰ ਪ੍ਰਗਾਸਿਆ । ਅਜਿਹੇ ਜੋਤਿ ਗੁਰੂ ਕੇ ਪਰਗਟ ਹੋਣ ਦਾ ਦਿਹਾੜਾ ਕੋਈ ਆਵਾਗਉਣ (ਮਮੂਲੀ) ਦਿਹਾੜਾ ਨਹੀਂ, ਇਹ ਸੱਚੇ ਪ੍ਰਕਾਸ਼ ਦਾ ਦਿਹਾੜਾ ਹੈ । ਇਸ ਦਿਨ ਤੋਂ ਹੀ ਕੂੜ ਦੀ ਪਾਲ ਨੂੰ ਤੋੜ ਕੇ ਸੱਚ ਦੀ, ਸੱਚੇ ਗਿਆਨ ਦੀ ਪਹੁ ਫੁਟਣ ਲਗੀ ਹੈ ।ਇਸ ਦਿਨ ਤੋਂ ਹੀ ਅਗਿਆਨ ਦੇ ਭਰਮ-ਅੰਧੇਰੇ ਦੀ ਧੁੰਧ ਮਿਟਣ ਲਗੀ ਹੈ । ਖ਼ਾਸ ਉਹ ਦਿਨ ਤਾਂ ਵਿਸ਼ੇਸ਼ ਕਰ ਕੇ ਇਉਂ ਸੁਭਾਗਾ ਅਤੇ ਪੂਜਨੀਕ ਹੈ ਕਿ ਉਸ ਦਿਨ ਨਾਮ ਦਾ ਛੱਟਾ ਦੇ ਕੇ ਸੰਸਾਰ ਭਰ ਵਿਚ ਸੱਚਾ ਪ੍ਰਕਾਸ਼ ਕਰਨਹਾਰੀ "ਅਕਾਲੀ ਮੂਰਤਾ ਦਾ ਆਪਣੀ ਜਗਮਗ ਜੋਤਿ ਵਿਚ ਜਗ ਦੇ ਪ੍ਰਕਾਸ਼ ਸਰੂਪ ਜੋਤਿ ਦੇ ਸੋਮੇ ਸਰੂਪੀ ਸੱਚੇ ਸੂਰਜ ਦਾ ਉਦੈ ਹੋਣਾ ਹੋਇਆ ਹੈ । ਜਿਸ ਸੂਰਜ ਰੂਪੀ ਸੋਮੇ ਤੋਂ ਨਿਕਸ ਕੇ ਪ੍ਰਕਾਸ਼ੀ ਨਾਮ ਰੂਪੀ ਕਿਰਣ ਦਾ ਉਜਿਆਰਾ (ਚਾਨਣਾ) ਹੀ ਕੋਟ ਸੂਰਜਾਂ ਦੇ ਉਜਿਆਰੇ ਸਮ ਹੈ । ਤਾਂ ਉਸ ਸੋਮੇ ਸਰੂਪ ਸੱਚੇ ਸੂਰਜ ਦੇ ਉਜਿਆਰੇ ਦੀ ਸੋਭਾ ਤਾਂ ਕੇਤਕ ਵਰਨਣ ਹੋ ਸਕਦੀ ਹੈ । ਕੋਟਾਨ ਕੋਟ ਸੂਰਜਾਂ ਦਾ ਚੜ੍ਹਨਾ ਗੁਰੂ ਰੂਪੀ ਸਚੇ ਸੂਰਜ ਦੇ ਪ੍ਰਕਾਸ਼ (ਉਦੇ ਹੋਣ) ਦੇ ਸਾਹਮਣੇ ਸਚ ਮੁਚ ਤੁਛ ਮਾਤਰ ਹੈ, ਜਿਹਾ ਕਿ ਇਹ ਵਾਕ ਭੀ ਪ੍ਰੋੜ੍ਹਤਾ ਕਰਦਾ ਹੈ । ਯਥਾ:-
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
{ਆਸਾ ਦੀ ਵਾਰ, ਮਹਲਾ ੨, ਪੰਨਾ ੪੬੩}
'ਸਉ' ਅਤੇ 'ਹਜਾਰ' ਦੇ ਪਦਾਂ ਤੋਂ ਭਾਵ ਅਣਗਿਣਤ ਦਾ ਹੈ । ਜਦ ਕਿ ਗੁਰੂ ਬਿਹੂਣ ਅਣਗਿਣਤ ਸੂਰਜਾਂ ਦੇ ਹੁੰਦਿਆਂ ਤਾਂ ਘੋਰ ਅੰਧਾਰ ਹੀ ਰਹਿੰਦਾ ਹੈ, ਤਦ ਇਸ ਭਵ-ਭੁਮੀ ਉਤੇ ਇਕ ਸੂਰਜ ਦੇ ਹੁੰਦਿਆਂ, ਪਰ ਗੁਰੂ ਬਿਹੂਣ ਕਿਤਨਾ ਕੁ ਘੋਰ ਅੰਧਾਰ ਹੋਵੇਗਾ । ਗੁਰੂ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸ ਭਵਭੂਮੀ ਉਤੇ ਮਹਾਂ ਘੋਰ ਗੁਬਾਰ ਹੋਣ ਵਿਚ ਰੰਚਕ ਭੀ ਸੰਦੇਹ ਨਹੀਂ ਹੋ ਸਕਦਾ, ਪਰ ਇਸ ਸੱਚੇ ਸੂਰਜ ਦੇ ਲਵੇ ਕੋਟ ਸੂਰਜ ਭੀ ਨਹੀਂ ਲਗਦੇ, ਤਿਸ ਸੱਚ ਪ੍ਰਕਾਸ਼ ਦੇ ਸੋਮੇ ਗੁਰੂ ਰੂਪੀ ਸਚੇ ਸੂਰਜ ਦੇ ਪ੍ਰਗਟ ਹੋਣ ਪਰ, ਇਸ ਭਰ-ਭੁਮੀ ਉਤੇ ਕਿਤਨਾ ਕੁ ਚਾਨਣ ਹੋਇਆ ਹੋਊ । ਸਚ ਮੁਚ ਧੁੰਧ-ਗੁਬਾਰ ਅਤੇ ਘੋਰ-ਅੰਧਾਰ ਵਿਚ ਨਿਰਮਲ ਉਜਿਆਰਾ ਅਤੇ ਜਗਤ ਭਰ ਵਿਖੇ ਦਿਬ ਅਤੇ ਦੈਵੀ ਚਾਨਣੇ ਦਾ ਸੱਚਾ ਚਾਨਣ ਵਰਤ ਗਿਆ ਹੋਊ । ਕੀ ਇਸ ਮਹਾਂਵਾਕ ਦੀ ਸਚਿਆਈ ਉਤੇ ਸੰਦੇਹ ਉਪਜ ਸਕਦਾ ਹੈ ਕਿ-
'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ॥'