ਗੁਰਬਾਣੀ ਦੇ ਪੜ੍ਹਨ ਸੁਣਨ ਤੇ ਕੀਰਤਨ ਦੀ ਪਾਰਸ ਅਖੰਡਕਾਰ ਸਪਰਸ਼ ਦੁਆਰਾ ਗੁਰਬਾਣੀ ਜਗਿਆਸੂ ਦੀ ਸੁਰਤੀ ਬਿਰਤੀ ਸਿਕਲ ਹੋ ਕੇ ਆਤਮ-ਜਾਗਰਤਾ ਵਿਚ ਜਾਗ ਉਠਦੀ ਹੈ। ਇਸ ਜਾਗ ਲੱਗਣ ਦਾ ਸੁਫਲ ਫਲ (ਸਿੱਟਾ) ਇਹ ਹੁੰਦਾ ਹੈ ਕਿ ਮਧਮ ਵੇਗ ਵਿਚ ਚਲ ਰਹੇ ਨਾਮ ਅਭਿਆਸ ਦਾ ਖੰਡਾ ਜੋਰੋ ਜੋਰ ਖੜਕਣ ਲਗ ਪੈਂਦਾ ਹੈ, ਜੋ ਨਾਮ ਅਭਿਆਸੀ ਨੂੰ ਨਾਮ-ਲਿਵਤਾਰ ਅਤੇ ਰਸ ਜੋਤਿ ਪ੍ਰਕਾਸ਼ ਦੇ ਝਲਕਾਰ ਦੀ ਸੁ-ਗੁੰਮਤਾ ਲਈ ਅਵੱਸ਼ ਸਹਾਈ ਹੁੰਦਾ ਹੈ। ਅਲ੍ਹੜ (ਨਵੇਂ) ਜਗਿਆਸੂ ਨੂੰ ਨਾਮ ਦੀਆਂ ਤਰਬ-ਤਰੰਗਾਂ ਤਾਰਾਂ ਬਜਾਉਂਣ ਹਿਤ ਅਤੇ ਨਾਮ ਅਭਿਆਸ ਨੂੰ ਗਹਿ ਕਰ ਕੇ ਦ੍ਰਿੜਾਉਣ ਹਿਤ ਗੁਰਬਾਣੀ ਦਾ ਪੜ੍ਹਨਾ ਸੁਣਨਾ ਤੇ ਕੀਰਤਨ ਕਰਨਾ ਸਦਾ ਲਈ ਸੁਖਦਾਈ ਹੁੰਦਾ ਹੈ। ਅਨਪੜ੍ਹ ਨਾਮ ਅਭਿਆਸੀ ਜਗਿਆਸੂ ਨੂੰ ਗੁਰਬਾਣੀ ਪਾਠ ਕੀਰਤਨ ਦਾ ਸੁਣਨਾ ਹੀ ਅਤਿਸੈ ਕਰਕੇ ਸਹਾਈ ਹੁੰਦਾ ਹੈ। ਗੁਰਬਾਣੀ ਦੀ ਸਹਾਇਤਾ ਤੋਂ ਬਿਨਾਂ ਨਾਮ ਦੇ ਸਿਮਰਨ ਵਿਚ ਨਿਤ ਨਵੀਂ ਚੜ੍ਹਦੀ ਕਲਾ ਨਹੀਂ ਵਰਤਦੀ ਜੋ ਗੁਰਬਾਣੀ ਪੜ੍ਹਨ ਸੁਣਨ ਵਾਲੇ ਨਾਮ ਅਭਿਆਸੀ ਦੀ ਦਸ਼ਾ ਵਿਚ ਵਰਤਦੀ ਤੇ ਪਲਰਦੀ ਹੈ, ਕਿਉਂਕਿ ਗੁਰਬਾਣੀ ਤੇ ਨਾਮ ਦੋਨੋਂ ਓੋਤਿ ਪੋਤਿ ਹਨ। ਗੁਰਬਾਣੀ ਦੀ ਪਾਰਸ ਕਲਾ ਦੀ ਸਹਾਇਤਾ ਤੋਂ ਸਖਣੇ ਨਿਰੇ ਨਾਮ ਦੇ ਅਭਿਆਸੀ ਅਕਸਰ ਖੜ੍ਹਦੀ ਕਲਾ ਵਿਚ ਰਹਿ ਜਾਂਦੇ ਹਨ। ਉਹਨਾਂ ਦੀ ਚੜ੍ਹਦੀ ਕਲਾ ਦੇ ਰੰਗਾਂ ਦਾ ਖੇੜਾ ਖਿੜਦਾ ਹੀ ਨਹੀਂ, ਜੈਸਾ ਕਿ ਬਹੁਤ ਸਾਰੇ ਨਾਮਧਾਰੀਆਂ ਦੀ ਦਸ਼ਾ ਹੋ ਰਹੀ ਹੈ। ਉਹ ਗੁਰਬਾਣੀ ਨੂੰ ਜਦੋਂ ਛਡ ਗਏ, ਜਿਥੇ ਸੀ ਉਥੇ ਹੀ ਰਹਿ ਗਏ। "ਗੁਰਮੁਖਿ ਬਾਣੀ ਨਾਦ ਬਜਾਵੈ" ਵਾਲੀ ਪਾਰਸ ਕਲਾ ਵਰਤਣੋਂ ਰਹਿ ਖੜੋਤੀ। ਕਿਉਂਕਿ ਪਰਮ ਪਾਰਸ ਰੂਪ ਬਾਣੀ ਦਾ ਸਪਰਸ਼ ਜੋ ਰਹਿ ਖੜੋਤਾ। ਉਹਨਾਂ ਨੂੰ ਗੁੜਤੀ ਹੀ ਹੋਰੂੰ ਮਿਲੀ। ਇਸ ਤਰਾਂ ਕਈ ਕਾਰਨ ਬਣ ਗਏ। ਉਹਨਾਂ ਦੀ ਖੜ੍ਹਦੀ ਕਲਾ ਵਿਚ ਖੜੋਤੇ ਰਹਿ ਜਾਣ ਦਾ ਕਾਰਨ ਇਹੋ ਹੋਇਆ ਕਿ ਉਹਨਾਂ ਨੇ ਕੇਵਲ ਨਾਮ ਨੂੰ ਹੀ ਤੱਤ ਜਾਣਿਆ, ਪਰ ਜਿਸ ਗੁਰਬਾਣੀ ਨੇ ਨਾਮ ਨੂੰ ਤੱਤ ਜਣਾਇਆ ਸੀ ਉਸ ਤੱਤ-ਸਮੁੰਦਰੀ ਬਾਣੀ ਨੂੰ ਬਿਲੋਵਣਾ ਛਡ ਦਿੱਤਾ ਤਾਂ "ਮਾਖਨ ਕੈਸੇ ਰੀਸੇ"। ਉਹਨਾਂ ਦੀ ਬੇਸਮਝੀ ਇਹ ਹੋਈ ਕਿ ਉਹ ਸਮਝ ਬੈਠੇ ਕਿ ਬਸ ਬਾਣੀ ਵਿਚੋਂ ਤੱਤ ਤਾਂ ਵਿਰੋਲ ਲਿਆ, ਹੁਣ ਬਾਣੀ ਦੀ ਕੀ ਲੋੜ? ਪਰ ਉਹ ਏਸ ਗਲੋਂ ਅਗਿਆਤ ਹੀ ਰਹੇ ਕਿ ਗੁਰਬਾਣੀ ਦਾ ਨਿਤਾਪ੍ਰਤੀ ਅਭਿਆਸ ਵਿਲੋਵਣਾ ਦਰਕਾਰ ਹੈ। ਜਿਉਂ ਜਿਉਂ ਗੁਰਬਾਣੀ ਰੂਪ ਸਮੁੰਦਰ ਨੂੰ ਵਿਰੋਲਿਆ ਬਿਲੋਇਆ ਜਾਵੇਗਾ, ਤਿਉਂ ਤਿਉਂ ਹੋਰ ਤੋਂ ਹੋਰ ਨਾਮ ਰਸਕ ਰਸਾਕੀ ਘ੍ਰਿਤ ਗਟਾਕ ਭੁੰਚਣ ਦਾ ਅਹਿਲਾਦ ਪ੍ਰਾਪਤ ਹੋਵੇਗਾ। ਕਿਉਂਕਿ ਏਸ ਅਮਰ ਪਦਾਰਥੀ ਦੁੱਧ (ਸਮੁੰਦਰ) ਨੇ ਤਾਂ (ਗਊ ਭੈਂਸ ਦੇ ਦੁੱਧ ਵਾਂਗ) ਕਦੇ ਫੋਕਟ ਹੀ ਨਹੀਂ ਰਹਿ ਜਾਣਾ। ਭਾਵੇਂ ਲੱਖਾਂ ਬਿਲੋਵਨਹਾਰੇ ਨਾਮ ਤੱਤ ਰੂਪੀ ਮੱਖਣ ਦੇ ਗਟਾਕ ਵਿਚੋਂ ਕਢ ਕਢ ਕੇ ਭੁੰਚ ਭੁੰਚ ਕੇ ਅਘਾਈ ਜਾਵਣ। ਤਾਂ ਤੇ ਗੁਰਬਾਣੀ ਸਫਲ ਸਦਾ ਸੁਖਦਾਈ ਹੈ ਅਤੇ ਹਰ ਦਮ ਨਾਮ ਅਭਿਆਸ ਹਿਤ ਸਹਾਈ ਹੈ।
ਗੁਰਬਾਣੀ ਤੇ ਨਾਮ ਦਾ ਤੱਤ-ਜੋਤਿ-ਰਹੱਸ ਓਤਿ ਪੋਤਿ ਅਰਥਾਤ ਇਕ ਮਿਕ ਹੋਣ ਕਰਕੇ, ਸੇਵਨਹਾਰੇ ਦੇ ਸਾਧਨ ਭਿੰਨ ਭਿੰਨ ਨਹੀਂ ਕਹਾ ਸਕਦੇ। ਨਿਸਤਾਰਾ ਜਾ ਕੇ ਨਾਮ-ਲੀਨਤਾ ਵਿਚ ਹੀ ਹੋਣਾ ਹੈ। ਗੁਰਬਾਣੀ ਦੀਆਂ ਪ੍ਰੇਮ ਨਾਮ ਪੋਥੀਆਂ ਲਿਖਣਹਾਰਿਆਂ ਦੀ ਤੱਤ ਕਲਿਆਣ ਵੀ ਏਸ ਕਰਕੇ ਹੁੰਦੀ ਹੈ ਕਿ ਗੁਰਬਾਣੀ ਲਿਖਦੇ ਤੱਤ ਰੂਪੀ ਰਸਾਇਣੀ ਕਲਾ, ਲਿਖਾਰੀਆਂ ਦੀ ਸੁਰਤੀ ਬਿਰਤੀ ਨਾਲ ਰਗੜ ਖਾ ਕੇ ਵਰਤ ਜਾਂਦੀ ਹੈ। ਜਿਨ੍ਹਾਂ ਨੂੰ ਨਾਮ ਦੀ ਸੂਝ ਬੂਝ ਵੀ ਨਹੀਂ ਹੁੰਦੀ, ਉਨ੍ਹਾਂ ਨੂੰ ਨਾਮ ਉਤੇ ਸ਼ਰਧਾ ਲਿਆ ਦਿੰਦੀ ਹੈ ਤੇ ਉਨ੍ਹਾਂ ਨੂੰ ਨਾਮ ਦੇ ਪਾਤਰ ਬਣਾ ਕੇ ਭਾਂਡੇ ਭਰਪੂਰ ਕਰਨ ਕਰਾਵਨ ਦੇ ਅਵਸਰ ਬਣਾ ਦਿੰਦੀ ਹੈ। ਜਿਨ੍ਹਾਂ ਲਿਖਾਰੀਆਂ ਨੂੰ ਨਾਮ ਪਹਿਲਾਂ ਹੀ ਪ੍ਰਾਪਤ ਹੈ ਤਿਨ੍ਹਾਂ ਨੂੰ ਗੁਰਬਾਣੀ ਲਿਖਣ ਦੀ ਅਖੰਡ ਸੇਵਾ, ਅਖੰਡਾਕਾਰ ਨਾਮ ਖੰਡਾ ਖੜਕਾਵਣ ਦਾ ਨਛਾਵਰਾ ਬਖਸ਼ਦੀ ਹੈ। ਪਰੰਤੂ ਨਿਸਤਾਰਾ ਉਦੋਂ ਹੀ ਹੁੰਦਾ ਹੈ ਜਦੋਂ "ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ" ਵਾਲੇ ਹੁਕਮ ਦੀ ਪਾਲਣਾ ਵਾਲਾ ਵਰਤਾਰਾ ਵਰਤਦਾ ਹੈ, ਬਾਰੰਬਾਰ ਗੁਰਬਾਣੀ ਦਾ ਸੇਵਨ ਹੁੰਦਾ ਹੈ। ਗੁਰਬਾਣੀ ਦਾ ਲਿਖਣ, ਪੜ੍ਹਨ, ਸੁਣਨ ਤੇ ਗਾਵਣ ਰੂਪੀ ਸੇਵਨ ਬਾਰੰਬਾਰ ਹੁੰਦਾ ਹੈ ਤਾਂ ਜਾ ਕੇ ਸੇਵਨਹਾਰੇ ਦੀ ਸੁਰਤੀ ਬਿਰਤੀ ਨੂੰ ਪਿਰਮ ਪੈਕਾਮ (ਪ੍ਰੇਮ ਦੇ ਤੀਰ) ਵਾਲੀ ਚੋਟ ਲਗਦੀ ਹੈ ਤੇ ਪਰਤੱਖ ਪ੍ਰਤੀਤ ਹੁੰਦਾ ਹੈ ਕਿ ਗੁਰਬਾਣੀ ਤਾਂ ਇਹ ਹੁਕਮ ਦਿੰਦੀ ਹੈ ਕਿ "ਨਾਮ ਜਪਹੁ, ਨਾਮ ਜਪਹੁ"। ਇਸ ਬਿਧਿ ਗੁਰਬਾਣੀ ਦੁਆਰਾ ਨਾਮ ਦਿਨੋ ਦਿਨ ਦੂਣ ਸਵਾਇਆ ਦ੍ਰਿੜ੍ਹ ਹੁੰਦਾ ਰਹਿੰਦਾ ਹੈ, ਇਸ ਤਰ੍ਹਾਂ ਪਰਤੱਖ ਨਿਸਤਾਰਾ ਹੁੰਦਾ ਹੈ। ਗੁਰਬਾਣੀ, ਅੰਮ੍ਰਿਤ ਬਾਣੀ, ਗੁਰੂ ਰੂਪ ਹੋਣ ਦੇ ਕਾਰਨ ਅੰਮ੍ਰਿਤ ਦੀ ਦਾਤੀ ਹੈ। ਦਾਤਾਰ ਗੁਰੂ ਰੂਪ ਬਾਣੀ ਤੋਂ ਬੇਮੁਖ ਹੋ ਕੇ ਕਦੇ ਅੰਮ੍ਰਿਤ ਦੇ ਗੂੜ੍ਹ ਰੰਗਾਂ ਵਿਚ ਤਤਪਰ ਰਹਿ ਸਕੀਦਾ ਹੈ? ਕਦਾਚਿਤ ਨਹੀਂ ! ਤਾਂ ਤੇ ਸਾਧਨ ਅਨੇਕ ਨਹੀਂ, ਏਕ ਹੀ ਹੈ। ਸਾਡੀ ਸਮਝ ਵਿਚ ਹੀ ਫਰਕ ਹੈ। ਜਿਨ੍ਹਾਂ ਅਭਾਗੇ ਜਗਿਆਸੂਆਂ ਨੂੰ ਗੁਰਬਾਣੀ ਦਾ ਸੇਵਨ ਕਰਦਿਆਂ ਨਾਮ ਰੂਪੀ ਤਤ ਪਦਾਰਥ ਨਹੀਂ ਲੱਭਾ, ਉਹਨਾਂ ਦੀ ਤਤ ਕਲਿਆਣ ਏਸ ਜਨਮ ਵਿਚ ਨਹੀਂ ਹੋਵੇਗੀ। ਕੋਈ ਕਸਰ ਕਾਂਪ ਜੋ ਰਹਿ ਗਈ ਹੈ ਤਾਂ ਦੂਜੇ ਜਨਮ ਵਿਚ ਜਾ ਕੇ ਸ਼ਗੂਫਾ ਖਿੜਾਏਗੀ। ਕਮਾਈ ਨਿਰੋਲ ਗੁਰਬਾਣੀ ਅਭਿਆਸ ਦੀ ਵੀ ਆਹਲੀ (ਖਾਲੀ) ਨਹੀਂ ਜਾਣੀ। ਜਿਨ੍ਹਾਂ ਨੂੰ ਗੁਰਬਾਣੀ ਦਾ ਸੇਵਨ ਕਰਦਿਆਂ ਇਹ ਗੱਲ ਕਦੇ ਨਹੀਂ ਫੁਰਦੀ ਕਿ ਨਾਮ ਪਦਾਰਥ ਵਿਲੱਖਣ ਹੈ, ਅਰਥਾਤ ਗੁਰਬਾਣੀ ਤੋਂ ਵੱਖਰਾ ਹੈ, ਉਹਨਾਂ ਦੇ ਗੁਰਬਾਣੀ ਸੇਵਨ ਵਿਚ ਫਰਕ ਹੈ, ਕਮਾਈ ਵਿਚ ਊਣਤਾਈ ਹੈ, ਮਨ ਬਚਨ, ਕਰਮ ਕਰਕੇ ਉਹ ਅਜੇ ਗੁਰਬਾਣੀ ਦੇ ਸੇਵਨ ਵਿਚ ਤਦ ਰੂਪ ਨਹੀਂ ਹੋਏ, ਅਥਵਾ ਗੁਰਮਤਿ ਗਿਆਨ-ਕਲਾ ਦੇ ਅਜੇ ਉਹ ਅਧਿਕਾਰੀ ਹੀ ਨਹੀਂ ਬਣੇ। ਜਾਂ ਉਹਨਾਂ ਨੂੰ ਪੂਰਨ ਗੁਰਮਤਿ ਬਿਧੀ ਅਨੁਸਾਰ ਅੰਮ੍ਰਿਤ ਪਾਨ ਕਰਨ ਦਾ ਅਵਸਰ ਹੀ ਪ੍ਰਾਪਤ ਨਹੀਂ ਹੋਇਆ ਜਾਂ ਇਉਂ ਕਹੋ ਕਿ aਹੁਨਾਂ ਦੇ ਪੂਰਬਲੇ ਕਰਮਾਂ ਦਾ ਅਜੇ ਅੰਕੂਰ ਨਹੀਂ ਜਾਗਿਆ। ਜੇ ਹੁਣ ਨਹੀਂ ਜਾਗਿਆ ਤਾਂ ਫੇਰ ਜਾਗੇਗਾ, ਕਸਰਾਂ ਕਢ ਕੇ ਜਾਗੇਗਾ। ਏਸ ਨਹੀਂ ਤਾਂ ਅਗਲੇ ਜਨਮ ਵਿਚ ਜਾਗੇਗਾ। ਜਾਗੇਗਾ ਸਹੀ ਜ਼ਰੂਰ। ਆਹਲਾ (ਖਾਲੀ) ਕਦੇ ਨਹੀਂ ਜਾਣਾ। ਕਮਾਈ ਦੀ ਅਧੂਰੀ ਰਹਿ ਗਈ ਖੇਡ ਅੰਕੂਰ ਉਗਵਣ ਸਾਰ ਆਗੇ ਪਾਛੇ ਜ਼ਰੂਰ ਪੂਰੀ ਹੋ ਜਾਏਗੀ, ਇਹ ਬਾਤ ਨਿਸਚੇ ਕਰ ਜਾਣੋ ਜੀ।